Dhukhda Jungle

ਧੁਖ਼ਦਾ ਜੰਗਲ…

ਸ਼ੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ |
‘ਕੱਲੇ ‘ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ |

ਜੰਗਲ ਜਿਹੜਾ ਹਰ ਮੌਸਮ ਦੇ ਕਹਿਰ ਨਾਲ ਲੜਦਾ ਸੀ |
ਜੰਗਲ ਜਿਹੜਾ ਹਰ ਆਫ਼ਤ ਦੇ ਰਾਹ ਵਿਚ ਅੜਦਾ ਸੀ |
ਜੰਗਲ ਜਿਸ ‘ਚੋਂ ਹਰ ਕੋਈ ਅਪਣੀ ਪੌੜੀ ਘੜਦਾ ਸੀ |
ਜੰਗਲ ਜਿਹੜਾ ਬਾਲਣ ਬਣ ਕੇ ਘਰ ਘਰ ਸੜਦਾ ਸੀ |

ਉਸ ਵਿਚ ਫ਼ੈਲੀ ਅੱਗ ਤਾਂ ਕਿਸ ਦੇ ਜ਼ਿੰਮੇ ਲਾਵਾਂ ਮੈਂ |

ਉਹ ਜੰਗਲ ਜੋ ਖ਼ੁਸ਼ਬੋਆਂ ਦਾ ਢੋਆ ਵੰਡਦਾ ਸੀ |
ਉਹ ਜੰਗਲ ਜੋ ਫੁੱਲਾਂ ਦੇ ਸੰਗ ਹਰ ਰੁੱਤ ਰੰਗਦਾ ਸੀ |
ਉਹ ਜੰਗਲ ਜੋ ਸਿਰ ‘ਤੇ ਕਲਗੀ ਕੋਂਪਲ ਟੰਗਦਾ ਸੀ |
ਮੰਗਦਾ ਸੀ ਤਾਂ ਕੇਵਲ ਅਪਣਾ ਪਾਣੀ ਮੰਗਦਾ ਸੀ |

ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ |

ਜਦ ਜੰਗਲ ਨੇ ਸ਼ਹਿਰ ਤੇਰੇ ਦੀਆਂ ਜੇਲ੍ਹਾਂ ਭਰੀਆਂ ਸਨ |
ਤਦ ਜੰਗਲ ਤੋਂ ਮਹਿਲ ਤੇਰੇ ਦੀਆਂ ਕੰਧਾਂ ਡਰੀਆਂ ਸਨ |
ਤੂੰ ਜੰਗਲ ਨੂੰ ਕੋਲ ਬਿਠਾ ਫਿਰ ਗੱਲਾਂ ਕਰੀਆਂ ਸਨ |
ਕੌਣ ਸੀ ਜਿਸਦੀਆਂ ਗੱਲਾਂ ਕਸਵੱਟੀ ਤੋਂ ਡਰੀਆਂ ਸਨ |

ਜੋ ਕਸਵੱਟੀਓਂ ਡਰੀਆਂ ਖ਼ਰੀਆਂ ਕਿਉਂ ਮੰਨ ਜਾਵਾ ਮੈਂ |

ਮੰਨਿਆਂ ਮੈਂ ਜੰਗਲ ਹਾਂ ਵਸਦਾ ਵਿਚ ਜਹਾਲਤ ਦੇ |
ਤੈਨੂੰ ਮਾਣ ਬਹੁਤ ਨੇ ਤਰਕ ਦਲੀਲ ਵਕਾਲਤ ਦੇ |
ਮੈਂ ਜਿਸ ਦੇ ਕਾਬਲ ਹਾਂ ਮੈਨੂੰ ਓਹੀ ਜ਼ਲਾਲਤ ਦੇ |
ਜੰਗਲ ਕਹਿੰਦਾ ਮਸਲਾ ਲੈ ਚਲ ਵਿਚ ਅਦਾਲਤ ਦੇ |

ਇਹ ਵੀ ਨਾ-ਮਨਜ਼ੂਰ ਤਾਂ ਕਿਹੜਾ ਦਰ ਖੜਕਾਵਾਂ ਮੈਂ |

ਤੇਰੀ ਚੁੱਪ ਨੇ ਜੰਗਲਾਂ ਨੂੰ ਉਹ ਤਲਖ਼ ਫਿਜ਼ਾ ਦਿੱਤੀ |
ਜੰਗਲ ਵਿਚੋਂ ਕੰਡਿਆਂ ਦੀ ਇਕ ਝਿੜੀ ਉਗਾ ਦਿੱਤੀ |
ਕੰਡੇ ਕੰਡੇ ਕਹਿ ਕੇ ਤੂੰ ਫਿਰ ਰੌਲੀ ਪਾ ਦਿੱਤੀ |
ਕੁਝ ਕੰਡਿਆਂ ਵਿਚ ਕੁਲ ਜੰਗਲ ਦੀ ਗੱਲ ਉਲਝਾ ਦਿੱਤੀ |

ਜੇ ਤੂੰ ਖੁਦ ਉਲਝਾਉਣੀ ਚਾਹਵੇਂ ਕਿੰਜ ਸੁਲਝਾਵਾਂ ਮੈਂ |

ਤੈਨੂੰ ਤਾਂ ਜੰਗਲ ਦੀ ਗੱਲ ਉਲਝਾਉਣ ‘ਚ ਫਾਇਦਾ ਸੀ |
ਜੰਗਲ ਦੇ ਵਿਚ ਕੰਡੇ ਹੋਰ ਉਗਾਉਣ ‘ਚ ਫਾਇਦਾ ਸੀ |
ਇਸ ਜੰਗਲ ਨੂੰ ਜੰਗਲ ਹੋਰ ਬਣਾਉਣ ‘ਚ ਫਾਇਦਾ ਸੀ |
ਤੇ ਫਿਰ ਉਚੇ ਚੜ੍ਹ ਕੇ ਰੌਲਾ ਪਾਉਣ ‘ਚ ਫਾਇਦਾ ਸੀ |

ਦੇਖੋ ਦੇਖੋ ਇਕ ਭਿਆਨਕ ਵਣ ਦਿਖਲਾਵਾਂ ਮੈਂ |

ਹੋਰ ਕੋਈ ਜਦ ਰਾਹ ਜੰਗਲ ਨੂੰ ਰਾਸ ਨਾ ਆਇਆ ਸੀ |
ਕੁਝ ਰੁੱਖਾਂ ਨੇ ਜਿਸ ਦਹਿਸ਼ਤ ਦਾ ਰਾਹ ਅਪਣਾਇਆ ਸੀ |
ਤੇ ਜਿਸਦਾ ਜੰਗਲ ਨੂੰ ਮਿਹਣਾ ਮੁੜ ਮੁੜ ਆਇਆ ਸੀ |
ਇਉਂ ਤੂੰ ਆਪੇ ਹੀ ਉਸ ਰਾਹ ਨੂੰ ਪੀਰ ਬਣਾਇਆ ਸੀ |

ਤੂੰ ਕਿਉਂ ਗੁੱਸੇ ਹੁਣ ਜਦ ਓਹੀ ਪੀਰ ਧਿਆਵਾਂ ਮੈਂ |

ਉਹ ਜੋ ਇਸ ਜੰਗਲ ਦੇ ਪਹਿਰੇਦਾਰ ਕਹਾਉਂਦੇ ਸਨ |
ਉਹ ਸ਼ਾਇਦ ਇਸ ਰਸਤੇ ਨੂੰ ਬਦਲਾਉਣਾ ਚਾਹੁੰਦੇ ਸਨ |
ਡਰਦੇ ਸਨ ਬੇਚਾਰੇ ਡਰਦੇ ਹੱਥ ਨਾ ਪਾਉਂਦੇ ਸਨ |
ਉਹ ਗੱਲ ਵੱਖਰੀ ਨਿਰਭਇਤਾ ਦੇ ਸ਼ਬਦ ਸਿਖਾਉਂਦੇ ਸਨ |

ਸਬਕ ਉਨ੍ਹਾਂ ਦੇ ਉਨ੍ਹਾਂ ਅੱਗੇ ਕੀ ਦੁਹਰਾਵਾਂ ਮੈਂ |

ਇਸ ਮਨ ਚਾਹੀ ਸਿਖਰ ਤੇ ਜਦ ਤੂੰ ਖੇਲ੍ਹ ਪੁਚਾ ਦਿੱਤਾ |
ਦਹਿਸ਼ਤ ਤਾਈਂ ਸਾਰੇ ਜੰਗਲ ਦੇ ਸਿਰ ਪਾ ਦਿੱਤਾ |
ਅੱਧੇ ਜੰਗਲ ਨੂੰ ਅੱਧੇ ਦੇ ਨਾਲ ਲੜਾ ਦਿੱਤਾ |
ਫਿਰ ਤੋਪਾਂ ਦਾ ਮੂੰਹ ਜੰਗਲ ਦੇ ਵੱਲ ਭੁਆ ਦਿੱਤਾ |

ਤੋਪਾਂ ਅੱਗੇ ਕਿੰਜ ਅਮਨ ਦਾ ਗੀਤ ਸੁਣਾਵਾਂ ਮੈਂ |

ਵੱਡਾ ਜੰਗਲ ਇਸ ਛੋਟੇ ਨੂੰ ਵੇਖਣ ਆਇਆ ਏ |
ਇਸ ਧੁਖ਼ਦੇ ਨੂੰ ਧੂਣੀ ਵਾਂਗੂੰ ਸੇਕਣ ਆਇਆ ਏ |
” ਖੋਫ਼ਨਾਕ ” ਦਾ ਇਸ ਨੂੰ ਦੇਣ ਵਿਸ਼ੇਸ਼ਣ ਆਇਆ ਏ |
ਤੇਰੀ ਵਡਿਆਈ ਨੂੰ ਮੱਥਾ ਟੇਕਣ ਆਇਆ ਏ |

ਜੰਗਲ ਨੂੰ ਜੰਗ ਦਾ ਮਹਿਰਮ ਕਿੰਜ ਬਣਾਵਾਂ ਮੈਂ |

ਬੂਟਾ ਬੂਟਾ ਇਸ ਜੰਗਲ ਵਿਚ ਰਲ ਵੀ ਸਕਦਾ ਹੈ |
ਇਹ ਜੰਗਲ ਜੋ ਧੁਖ਼ਦਾ ਹੈ ਇਹ ਬਲ ਵੀ ਸਕਦਾ ਹੈ |
ਬਲਦਾ ਬਲਦਾ ਮਹਿਲਾਂ ਵੱਲ ਨੂੰ ਚਲ ਵੀ ਸਕਦਾ ਹੈ |
ਹਾਂ ਸ਼ਾਇਦ ਇਹ ਸਭ ਕੁਝ ਹੋਣੋਂ ਟਲ ਵੀ ਸਕਦਾ ਹੈ |

ਐਪਰ ਕਿੱਥੋਂ ਲੈ ਆਵਾਂ ਘਨਘੋਰ ਘਟਾਵਾਂ ਮੈਂ |

ਸ਼ੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ |
‘ਕੱਲੇ ‘ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ |

Rate this poem: 

Reviews

No reviews yet.